ਸਾਹਨੇਵਾਲ (ਬੂਟਾ ਕੋਹਾੜਾ )
ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਾਕੋਵਾਲ ਵਿੱਚ ਕੱਲ੍ਹ ਪੰਜਾਬ ਦੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਰੱਖੇ ਗਏ ਪਾਣੀ ਵਾਲੀ ਟੈਂਕੀ ਦੇ ਨੀਂਹ ਪੱਥਰ ਦਾ ਵੱਡੇ ਪੱਧਰ ਤੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਦੱਸਿਆ ਪਿੰਡ ਵਾਸੀਆਂ ਅਨੁਸਾਰ ਪਿੰਡ ਵਿੱਚ ਪਹਿਲਾਂ ਹੀ ਪਾਣੀ ਦੇ ਬੋਰ ਮੌਜੂਦ ਹਨ ਜਿਸ ਰਾਹੀਂ ਪਿੰਡ ਵਾਸੀਆਂ ਨੂੰ ਅਤੇ ਆਸ ਪਾਸ ਦੇ ਕਲੋਨੀ ਵਾਸੀਆਂ ਨੂੰ ਪ੍ਰਾਪਤ ਮਾਤਰਾ ਦੇ ਵਿੱਚ ਪਾਣੀ ਦੀ ਨਿਰੰਤਰ ਸਪਲਾਈ ਮਿਲ ਰਹੀ ਹੈ। ਜਦ ਕਿ ਹੁਣ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਫੈਸਲੇ ਦੇ ਉਲਟ ਜਾ ਕੇ ਨਵੀਂ ਪਾਣੀ ਵਾਲੀ ਟੈਂਕੀ ਦਾ ਪਿੰਡ ਦੀ ਗਰਾਊਂਡ ਦੇ ਵਿੱਚ ਨੀਹ ਪੱਥਰ ਰੱਖਿਆ ਗਿਆ। ਪਿੰਡ ਵਾਲਿਆਂ ਅਨੁਸਾਰ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਕੋਲ ਖੇਡਣ ਦੇ ਲਈ ਇੱਕ ਹੀ ਜਗ੍ਹਾ ਬਚੀ ਸੀ ਜਦ ਕਿ ਪਿੰਡ ਦੇ ਬਾਕੀ ਸ਼ਾਮਲਾਟਾਂ ਅਤੇ ਪੰਚਾਇਤੀ ਜ਼ਮੀਨਾਂ ਉੱਪਰ ਪਹਿਲਾਂ ਹੀ ਨਜਾਇਜ਼ ਕਬਜ਼ੇ ਹੋ ਚੁੱਕੇ ਹਨ।
ਇਸ ਸਭ ਦੇ ਚਲਦਿਆਂ ਨੀਹ ਪੱਥਰ ਸਮਾਗਮ ਦੌਰਾਨ ਕੈਬਿਨਟ ਮੰਤਰੀ ਮੂੰਡੀਆਂ ਨੂੰ ਭਾਰੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਦੀ ਇੱਕ ਕਲਿੱਪ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀ ਹੈ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਵੈਸੇ ਤਾਂ ਪੰਜਾਬ ਸਰਕਾਰ ਯੁੱਧ ਨਸ਼ਿਆ ਵਿਰੁੱਧ ਚਲਾ ਰਹੀ ਹੈ ਅਤੇ ਖੇਡਾਂ ਹੀ ਇੱਕ ਇਹੋ ਜਿਹਾ ਸਾਧਨ ਹਨ ਜਿਸ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਇਸ ਕਰਕੇ ਨੌਜਵਾਨਾਂ ਤੋਂ ਗਰਾਊਂਡ ਖੋਹ ਕੇ ਉੱਥੇ ਪਾਣੀ ਵਾਲੀ ਟੈਂਕੀ ਬਣਾ ਕੇ ਸਰਕਾਰ ਆਪਣੇ ਹੀ ਮਿਸ਼ਨ ਦੇ ਉਲਟ ਕੰਮ ਕਰ ਰਹੀ ਹੈ। ਜਿਸ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ। ਉਹਨਾਂ ਅੱਗੇ ਕਿਹਾ ਕਿ ਉਹ ਪਿੰਡ ਵਾਸੀਆਂ ਦੇ ਨਾਲ ਹਨ ਅਤੇ ਜਿੰਨਾ ਵੀ ਸੰਘਰਸ਼ ਕਰਨਾ ਪਿਆ ਉਹ ਵੱਧ ਚੜ ਕੇ ਸੰਘਰਸ਼ ਕਰਨਗੇ ਅਤੇ ਪਿੰਡ ਵਾਸੀਆਂ ਨੂੰ ਖੇਡ ਮੈਦਾਨ ਤੋਂ ਸੱਖਣਾ ਨਹੀਂ ਹੋਣ ਦੇਣਗੇ।
Leave a Reply